ਹੋਰਮੁਜ਼ ਦੀ ਖਾੜੀ STRAIT OF HORMUZ
ਹੋਰਮੁਜ਼ ਦੀ ਖਾੜੀ STRAIT OF HORMUZ: ਭੂ-ਰਾਜਨੀਤਕ ਮਹੱਤਤਾ ਅਤੇ ਆਰਥਿਕ ਪ੍ਰਭਾਵ
ਹੋਰਮੁਜ਼ ਦੀ ਖਾੜੀ, ਜੋ ਓਮਾਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਇੱਕ ਪਾਸੇ ਅਤੇ ਈਰਾਨ ਦੇ ਦੂਜੇ ਪਾਸੇ ਸਥਿਤ ਹੈ, ਫਾਰਸੀ ਖਾੜੀ ਨੂੰ ਓਮਾਨ ਦੀ ਖਾੜੀ ਅਤੇ ਅਰਬ ਸਮੁੰਦਰ ਨਾਲ ਜੋੜਦੀ ਹੈ। ਇਹ 33 ਕਿਲੋਮੀਟਰ (21 ਮੀਲ) ਦੀ ਸਭ ਤੋਂ ਤੰਗ ਜਗ੍ਹਾ ’ਤੇ ਹੈ, ਜਿੱਥੇ ਸਮੁੰਦਰੀ ਜਹਾਜ਼ਾਂ ਲਈ ਮਾਰਗ ਸਿਰਫ 3 ਕਿਲੋਮੀਟਰ (2 ਮੀਲ) ਚੌੜਾ ਹੈ, ਜਿਸ ਕਾਰਨ ਇਹ ਹਮਲਿਆਂ ਪ੍ਰਤੀ ਅਸੁਰੱਖਿਅਤ ਹੈ।
13 ਜੂਨ, 2025 ਨੂੰ ਇਜ਼ਰਾਈਲ ਵੱਲੋਂ ਈਰਾਨ ’ਤੇ ਅਚਨਚੇਤ ਹਮਲਿਆਂ ਤੋਂ ਬਾਅਦ, ਊਰਜਾ ਵਪਾਰੀ ਇਸ ਖਾੜੀ ਰਾਹੀਂ ਤੇਲ ਅਤੇ ਗੈਸ ਦੀ ਸਪਲਾਈ ’ਚ ਵਿਘਨ ਦੀ ਸੰਭਾਵਨਾ ਨੂੰ ਲੈ ਕੇ ਸੁਚੇਤ ਹਨ। ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਊਰਜਾ ਬੁਨਿਆਦੀ ਢਾਂਚੇ ’ਤੇ ਨਿਸ਼ਾਨਾ ਸਾਧਿਆ ਹੈ, ਪਰ ਹੁਣ ਤੱਕ ਇਸ ਖੇਤਰ ’ਚ ਸਮੁੰਦਰੀ ਗਤੀਵਿਧੀਆਂ ’ਚ ਕੋਈ ਸਿੱਧਾ ਵਿਘਨ ਨਹੀਂ ਪਿਆ।
ਇਸ ਸੰਘਰਸ਼ ਦੀ ਤੀਬਰਤਾ ਨੇ ਸਮੁੰਦਰੀ ਭਾੜੇ ਦੀਆਂ ਦਰਾਂ ’ਚ ਵੀ ਤੇਜ਼ੀ ਲਿਆਂਦੀ ਹੈ। ਫਰੇਟ ਇੰਟੈਲੀਜੈਂਸ ਫਰਮ ਜ਼ੇਨੇਟਾ ਮੁਤਾਬਕ, ਪਿਛਲੇ ਮਹੀਨੇ ਦੀ ਤੁਲਨਾ ’ਚ ਔਸਤ ਸਪਾਟ ਦਰਾਂ 55 ਪ੍ਰਤੀਸ਼ਤ ਵਧੀਆਂ ਹਨ। ਇਹ ਵਾਧਾ ਇਜ਼ਰਾਈਲ-ਈਰਾਨ ਸੰਘਰਸ਼ ਦੇ ਵਧਣ ਅਤੇ ਅਮਰੀਕਾ ਵੱਲੋਂ 21 ਜੂਨ, 2025 ਨੂੰ ਈਰਾਨ ਦੀਆਂ ਪ੍ਰਮਾਣੂ ਸਾਈਟਾਂ ’ਤੇ ਹਮਲਿਆਂ ਤੋਂ ਪਹਿਲਾਂ ਸ਼ੁਰੂ ਹੋਇਆ ਸੀ। ਇਸ ਸਥਿਤੀ ਨੇ ਵਿਸ਼ਵਵਿਆਪੀ ਊਰਜਾ ਬਜ਼ਾਰਾਂ ’ਚ ਅਸਥਿਰਤਾ ਪੈਦਾ ਕਰ ਦਿੱਤੀ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ ’ਚ ਵਾਧੇ ਦਾ ਖ਼ਤਰਾ ਵਧ ਗਿਆ ਹੈ।
ਹੋਰਮੁਜ਼ ਦੀ ਖਾੜੀ ਨੂੰ ਬੰਦ ਕਰਨ ਦਾ ਅੰਤਿਮ ਫੈਸਲਾ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਨੂੰ ਲੈਣਾ ਹੋਵੇਗਾ, ਜਿਵੇਂ ਕਿ ਈਰਾਨ ਦੀ ਪ੍ਰੈਸ ਟੀਵੀ ਨੇ 22 ਜੂਨ, 2025 ਨੂੰ ਰਿਪੋਰਟ ਕੀਤਾ। ਈਰਾਨ ਦੀ ਸੰਸਦ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ, ਪਰ ਅਜੇ ਤੱਕ ਕੋਈ ਬਿੱਲ ਪਾਸ ਨਹੀਂ ਹੋਇਆ। ਸੰਸਦ ਦੀ ਨੈਸ਼ਨਲ ਸਕਿਓਰਿਟੀ ਕਮਿਸ਼ਨ ਦੇ ਮੈਂਬਰ ਅਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਕਮਾਂਡਰ ਇਸਮਾਈਲ ਕੋਸਾਰੀ ਨੇ ਕਿਹਾ, “ਹੁਣ ਲਈ, ਸੰਸਦ ਨੇ ਇਹ ਸਿੱਟਾ ਕੱਢਿਆ ਹੈ ਕਿ ਹੋਰਮੁਜ਼ ਦੀ ਖਾੜੀ ਨੂੰ ਬੰਦ ਕਰਨਾ ਚਾਹੀਦਾ ਹੈ, ਪਰ ਇਸ ਸਬੰਧੀ ਅੰਤਿਮ ਫੈਸਲਾ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੀ ਜ਼ਿੰਮੇਵਾਰੀ ਹੈ।”
ਈਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਨੇ ਇਸ ਸਵਾਲ ਨੂੰ ਟਾਲਦਿਆਂ ਕਿਹਾ ਕਿ “ਈਰਾਨ ਕੋਲ ਕਈ ਵਿਕਲਪ ਹਨ।” ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਨੇ ਅਮਰੀਕੀ ਹਮਲਿਆਂ ਤੋਂ ਬਾਅਦ ਕਿਹਾ ਕਿ ਇਜ਼ਰਾਈਲ ਨੇ “ਗੰਭੀਰ ਗਲਤੀ” ਕੀਤੀ ਹੈ ਅਤੇ “ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ,” ਪਰ ਉਨ੍ਹਾਂ ਨੇ ਹੋਰਮੁਜ਼ ਦੀ ਖਾੜੀ ਦਾ ਜ਼ਿਕਰ ਨਹੀਂ ਕੀਤਾ।
ਖਾੜੀ ਨੂੰ ਬੰਦ ਕਰਨ ਦੀ ਪ੍ਰਕਿਰਿਆ ’ਚ ਈਰਾਨ ਸਮੁੰਦਰੀ ਸੁਰੰਗਾਂ (ਮਾਈਨਜ਼) ਬਿਛਾਉਣ ਦੀ ਕੋਸਿ਼ਸ਼ ਕਰ ਸਕਦਾ ਹੈ। ਈਰਾਨ ਦੀ ਪੈਰਾ-ਮਿਲਟਰੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਜਹਾਜ਼ਾਂ ’ਤੇ ਹਮਲੇ ਜਾਂ ਉਨ’ ਨੂੰ ਕਬਜ਼ੇ ’ਚ ਲੈਣ ਦੇ ਤਰੋਖੇ ਵੀ ਅਜ਼ਮਾ ਸਕਦੀ ਹੈ, ਜਿਵੇਂ ਪਿਛਲੇ ਮੌਕਿਆਂ ’ਤੇ ਕੀਤਾ ਜਾ ਚੁੱਕਿਆ ਹੈ।
1980 ਦੇ ਦਹਾਕੇ ਦੀ ਈਰਾਨ-ਇਰਾਕ ਜੰਗ ਦੌਰਾਨ “ਟੈਂਕਰ ਵਾਰਜ਼” ’ਚ ਇਰਾਕ ਨੇ ਈਰਾਨੀ ਜਹਾਜ਼ਾਂ ਅਤੇ ਈਰਾਨ ਨੇ ਸਊਦੀ ਅਤੇ ਕੁਵੈਤੀ ਤੇਲ ਟੈਂਕਰਾਂ ਸਮੇਤ ਵਪਾਰਕ ਜਹਾਜ਼’ ’ਤੇ ਹਮਲੇ ਕੀਤੇ।
2007 ’ਚ ਈਰਾਨੀ ਸਪੀਡਬੋਟਸ ਅਤੇ ਅਮਰੀਕੀ ਨੇਵੀ ਵਿਚਾਲੇ ਝੜਪਾਂ ਹੋਈਆਂ, ਹਾਲਾਂਕਿ ਗੋਲੀਬਾਰੀ ਨਹੀਂ ਹੋਈ। ਅਪ੍ਰੈਲ 2023 ’ਚ, ਈਰਾਨ ਨੇ ਓਮਾਨ ਦੀ ਖਾੜੀ ’ਚ ਸ਼ੈਵਰੋਨ ਦੁਆਰਾ ਚਾਰਟਰਡ ਐਡਵਾਂਟੇਜ ਸਵੀਟ ਕਰੂਡ ਟੈਂਕਰ ਨੂੰ ਜ਼ਬਤ ਕਰ ਲਿਆ, ਜਿਸ ਨੂੰ ਇੱਕ ਸਾਲ ਬਾਅਦ ਰਿਹਾ ਕੀਤਾ ਗਿਆ।
ਹੋਰਮੁਜ਼ ਦੀ ਖਾੜੀ ਦਾ ਬੰਦ ਹੋਣਾ ਵਿਸ਼ਵ ਅਰਥਚਾਰੇ ਲਈ ਗੰਭੀਰ ਨਤੀਜੇ ਲਿਆ ਸਕਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ, “ਇਹ ਈਰਾਨ ਲਈ ਆਰਥਿਕ ਖੁਦਕੁਸ਼ੀ ਹੋਵੇਗੀ। ਇਸ ਨਾਲ ਦੂਜੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਸਾਡੇ ਨਾਲੋਂ ਜ਼ਿਆਦਾ ਨੁਕਸਾਨ ਹੋਵੇਗਾ।”
ਖਾੜੀ ਦੇਸ਼, ਜੋ ਇਜ਼ਰਾਈਲੀ ਹਮਲੇ ਦੀ ਨਿੰਦਾ ਕਰ ਚੁੱਕੇ ਹਨ, ਆਪਣੇ ਵਪਾਰਕ ਹਿੱਤਾਂ ਦੀ ਰੱਖਿਆ ਲਈ ਸੰਘਰਸ਼ ’ਚ ਸ਼ਾਮਲ ਹੋ ਸਕਦੇ ਹਨ। ਚੀਨ, ਜੋ ਈਰਾਨ ਦੇ ਤੇਲ ਦਾ 90 ਪ੍ਰਤੀਸ਼ਤ (ਲਗਭਗ 1.6 ਮਿਲੀਅਨ ਬੈਰਲ ਪ੍ਰਤੀ ਦਿਨ) ਖਰੀਦਦਾ ਹੈ, ਵੀ ਪ੍ਰਭਾਵਿਤ ਹੋਵੇਗਾ।
ਗੋਲਡਮੈਨ ਸੈਕਸ ਮੁਤਾਬਕ, ਖਾੜੀ ਦੀ ਨਾਕਾਬੰਦੀ ਨਾਲ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਵੱਧ ਸਕਦੀਆਂ, ਜਿਸ ਨਾਲ ਉਤਪਾਦਨ ਲਾਗਤ ਵਧੇਗੀ ਅਤੇ ਖਾਣ-ਪੀਣ, ਕਪੜਿਆਂ ਅਤੇ ਰਸਾਇਣਾਂ ਵਰਗੀਆਂ ਊਰਜਾ-ਨਿਰਭਰ ਵਸਤੂਆਂ ਦੀਆਂ ਕੀਮਤਾਂ ’ਚ ਵਾਧਾ ਹੋਵੇਗਾ। ਤੇਲ ਆਯਾਤ ਕਰਨ ਵਾਲੇ ਦੇਸ਼ਾਂ ’ਚ ਮਹਿੰਗਾਈ ਵਧ ਸਕਦੀ ਹੈ ਅਤੇ ਆਰਥਿਕ ਵਿਕਾਸ ਹੌਲੀ ਹੋ ਸਕਦਾ ਹੈ, ਜਿਸ ਨਾਲ ਕੇਂਦਰੀ ਬੈਂਕ ਵਿਆਜ ਦਰਾਂ ’ਚ ਕਟੌਤੀ ਨੂੰ ਮੁਲਤਵੀ ਕਰ ਸਕਦੇ ਹਨ।
ਇਤਿਹਾਸ ਦਿਖਾਉਂਦਾ ਹੈ ਕਿ ਵਿਸ਼ਵ ਤੇਲ ਸਪਲਾਈ ’ਚ ਵੱਡੀਆਂ ਵਿਘਣਨਾਂ ਅਕਸਰ ਥੋੜ੍ਹੇ ਸਮੇਂ ਦੀਆਂ ਹੁੰਦੀਆਂ ਹਨ। 2003 ਦੀ ਦੂਜੀ ਖੋੜੀ ਜੰਗ ਤੋਂ ਪਹਿਲਾਂ, 2002 ਦੇ ਅਖੀਰ ’ਚ ਤੇਲ ਦੀਆਂ ਕੀਮਤਾਂ ’ਚ 46 ਪ੍ਰੋਸਤ ਦਾ ਵਾਧਾ ਹੋਇਆ, ਪਰ ਅਮਰੀਕੀ ਅਗਵਾਈ ਵਾਲੀ ਫ਼ੀ ਜੰਘ ਸ਼ੁਰੂ ਹੋਣ ਤੋਂ ਪਹਿਲਾਂ ਕੀਮਤਾਂ ਘਟ ਗਈਆਂ।
ਇਸੇ ਤਰ੍ਹਾਂ, 2022 ’ਚ ਰੂਸ ਦੇ ਯੂਕਰੇਨ ਹਮਲੇ ਨੇ ਤੇਲ ਦੀਆਂ ਕੀਮਤਾਂ ਨੂੰ 130 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਾਇ, ਪਰ ਅਗਸਤ ਤੱਕ ਇਹ 95 ਡਾਲਰ ’ਤੇ ਵਾਪਸ ਆ ਗਈਆਂ। ਇਹ ਤੇਜ਼ੀ ਨਾਲ ਸੁਧਾਰ ਮੁੱਖ ਤੌਰ ’ਤੇ ਵਿਸ਼ਵਵਿਆਪੀ ਵਾਧੂ ਉਤਪਾਦਨ ਸਮਰੱਥਾ ਅਤੇ ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਮੰਗ ’ਚ ਕਮੀ ਕਾਰਨ ਹੋਏ।
ਸਿੱਟੇ ਵਜੋਂ, ਹੋਰਮੁਜ਼ ਦੀ ਖਾੜੀ ਦਾ ਬੰਦ ਹੋਣਾ ਵਿਸ਼ਵ ਅਰਥਚਾਰੇ ਲਈ ਵੱਡੀ ਚੁਣੌਤੀ ਹੋਵੇਗਾ, ਪਰ ਈਰਾਨ ਲਈ ਵੀ ਇਹ ਆਰਥਿਕ ਜੋਖਮ ਭਰਪੂਰ ਹੈ।
ਇਸ ਫੈਸਲੇ ਦੀ ਅੰਤਿਮ ਜ਼ਿੰਮੇਵਾਰੀ ਸੁਪਰੀਮ ਨੈਸ਼ਨ ਸਕਿਓਰਿਟੀ ਕੌਂਸਲ ’ਤੇ ਹੈ, ਅਤੇ ਅਜੇ ਤੱਕ ਕੋਈ ਪੱਕਾ ਫੈਸਲਾ ਨਹੀਂ ਹੋਇਆ। ਇਤਿਹਾਸਕ ਸਬੂਤ ਅਤੇ ਮੌਜੂਦਾ ਭੂ-ਰਾਜਨੀਤਕ ਹਾਲਾਤ ਸੁਝਾਅ ਦਿੰਦੇ ਹਨ ਕਿ ਅਜਿਹੀ ਨਾਕਾਬੰਦੀ ਦੇ ਨਤੀਜੇ ਥੋੜੇ ਸਮੇਂ ਲਈ ਹੀ ਅਸਰਦਾਰ ਹੋ ਸਕਦੇ ਹਨ, ਪਰ ਇਸ ਦਾ ਵਿਸ਼ਵਵਿਆਪੀ ਊਰਜ ਸੁਰੱਖਿਆ ਅਤੇ ਅਰਥਚਾਰੇ ’ਤੇ ਡੂੰਘਾ ਪ੍ਰਭਾਵ ਪਵੇਗਾ।
Comments
Post a Comment